ਇਹ ਸਿੱਖ ਜੱਥਾ ਇੰਗਲੈਂਡ ਤੋਂ ਪੰਜਾਬ ਮੋਟਰਸਾਈਕਲ ਤੇ ਕਰ ਰਿਹਾ ਹੈ ਯਾਤਰਾ। ਜਾਣੋ ਕੀ ਹੈ ਇਸ ਦਾ ਮਕਸਦ !!!

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇਕ ਖਾਸ ਮਕਸਦ ਨੂੰ ਲੈ ਕੇ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ ।

ਸਿੱਖ ਮੋਟਰਸਾਈਕਲ ਕਲੱਬ ਦੇ 6 ਮੈਂਬਰ ਸਰੀ ਕੈਨੇਡਾ ਤੋਂ ਰਵਾਨਾ ਹੋ ਚੁੱਕੇ ਹਨ ਅਤੇ ਉਹ ਲਗਭੱਗ 45 ਦਿਨਾਂ ਦੇ ਵਿੱਚ 20 ਦੇਸ਼ਾਂ ਦੇ ਰਾਹੀਂ ਹੁੰਦੇ ਹੋਏ ਪੰਜਾਬ ਪਹੁੰਚਣਗੇ ।

ਕੈਨੇਡਾ ਤੋਂ ਇੰਗਲੈਂਡ ਰਾਹੀਂ ਇਹ 6 ਮੈਂਬਰੀ ਜੱਥਾ ਜਹਾਜ਼ ਤੇ ਜਾਵੇਗਾ ਅਤੇ ਮੋਟਰਸਾਈਕਲ ਰਾਹੀਂ ਯਾਤਰਾ ਇੰਗਲੈਂਡ ਤੋਂ ਸ਼ੁਰੂ ਹੋਵੇਗੀ ।

ਇਨ੍ਹਾਂ ਦੇ ਨਾਮ ਪਰਵਜੀਤ ਸਿੰਘ, ਜਤਿੰਦਰ ਸਿੰਘ, ਆਜ਼ਾਦ ਸਿੰਘ, ਜਤਨਾ ਸਿੰਘ, ਸੁਖਬੀਰ ਸਿੰਘ ਅਤੇ ਜਸਮੀਤ ਸਿੰਘ ਹਨ।

ਕੀ ਹੈ ਸਿੱਖ ਮੋਟਰਸਾਈਕਲ ਕਲੱਬ ਦਾ ਮਕਸਦ

ਵਰਲਡ ਖਾਲਸਾ ਏਡ ਨਾਮ ਦੀ ਚੈਰਿਟੀ ਸੰਸਥਾ ਜੋ ਰਵੀ ਸਿੰਘ ਦੁਆਰਾ ਚਲਾਈ ਜਾ ਰਹੀ ਹੈ । ਪੂਰੀ ਦੁਨੀਆਂ ਵਿੱਚ ਵੱਖ ਵੱਖ ਥਾਵਾਂ ਤੇ ਜਾ ਕੇ ਲੋਕ ਭਲਾਈ ਦੇ ਕੰਮ ਕਰਦੀ ਹੈ ।ਇਨ੍ਹਾਂ ਕੰਮਾਂ ਦੇ ਲਈ ਉਸ ਨੂੰ ਫੰਡਾਂ ਦੀ ਲੋੜ ਰਹਿੰਦੀ ਹੈ ।

ਸਿੱਖ ਮੋਟਰਸਾਈਕਲ ਕਲੱਬ ਦਾ ਮੁੱਖ ਉਦੇਸ਼ ਵੱਖ ਵੱਖ ਦੇਸ਼ਾਂ ਤੋਂ ਵਰਲਡ ਖ਼ਾਲਸਾ ਏਡ ਦੇ ਲਈ ਫੰਡ ਇਕੱਠੇ ਕਰਨਾ ਅਤੇ ਲੋਕਾਂ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਨਾ ਹੈ ।

ਕੀ ਹੋਵੇਗਾ ਯਾਤਰਾ ਦਾ ਰੂਟ

ਇਹ ਜਥਾ ਇੰਗਲੈਂਡ ਤੋਂ ਆਪਣੀ ਯਾਤਰਾ ਸ਼ੁਰੂ ਕਰਕੇ ਯੂਰਪ ਦੇ ਵੱਖ ਵੱਖ ਦੇਸ਼ਾਂ ਤੋਂ ਹੁੰਦਾ ਹੋਇਆ ਤੁਰਕੀ ਵਿੱਚੋਂ ਏਸ਼ੀਆ ਮਾਈਨਰ ਰਾਹੀਂ ਏਸ਼ੀਆ ਮਹਾਂਦੀਪ ਵਿੱਚ ਦਾਖ਼ਲ ਹੋਵੇਗਾ।

ਉਸ ਤੋਂ ਬਾਅਦ ਇਹ ਜੱਥਾ ਉਸ ਰਸਤੇ ਰਾਹੀਂ ਹੁੰਦਾ ਹੋਇਆ ਪੰਜਾਬ ਆਵੇਗਾ। ਜਿਸ ਰਸਤੇ ਰਾਹੀਂ ਅੱਜ ਤੋਂ 500 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੱਛਮ ਦਿਸ਼ਾ ਵੱਲ ਪੈਦਲ ਉਦਾਸੀ ਕੀਤੀ ਸੀ। ਇਹ ਜਥਾ ਪਾਕਿਸਤਾਨ ਤੋਂ ਹੁੰਦਾ ਹੋਇਆ ਭਾਰਤ ਵਿੱਚ ਵਾਹਗਾ ਬਾਰਡਰ ਰਾਹੀਂ ਦਾਖਲ ਹੋਵੇਗਾ ਅਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਆਪਣੀ ਯਾਤਰਾ ਦੀ ਸਮਾਪਤੀ ਕਰੇਗਾ ।

ਕੀ ਹੈ ਸਿੱਖ ਮੋਟਰਸਾਈਕਲ ਕਲੱਬ ਦਾ ਇਤਿਹਾਸ

ਇਹ ਕਲੱਬ ਸਰਦਾਰ ਅਵਤਾਰ ਸਿੰਘ ਢਿੱਲੋਂ ਨੂੰ ਸਮਰਪਿਤ ਹੈ। ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ 22 ਸਾਲਾਂ ਦੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਸਿੱਖਾਂ ਲਈ ਮੋਟਰਸਾਈਕਲ ਚਲਾਉਣ ਲਈ ਹੈਲਮਟ ਦੀ ਥਾਂ ਦਸਤਾਰ ਸਜਾਉਣ ਦਾ ਹੱਕ ਲਿਆ। ਉਸ ਮਗਰੋਂ ਸਾਲ 2002-03 ਵਿੱਚ ਇਹ ਸ਼ੁਰੂ ਕੀਤਾ ਗਿਆ ।ਇਸ ਕਲੱਬ ਦਾ ਮਕਸਦ ਸਿੱਖੀ ਬਾਰੇ ਪ੍ਰਚਾਰ ਸੀ ਅਤੇ ਕੇਵਲ ਦਸਤਾਰਧਾਰੀ ਹੀ ਇਸ ਕਲੱਬ ਦੇ ਮੈਂਬਰ ਬਣ ਸਕਦੇ ਹਨ ।

ਕੌਣ ਕਰ ਰਿਹਾ ਹੈ ਇਸ ਯਾਤਰਾ ਤੇ ਖਰਚ

ਇਸ ਯਾਤਰਾ ਦਾ ਸਾਰਾ ਪ੍ਰਬੰਧ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਆਪਣੇ ਪੱਧਰ ਤੇ ਨਿਜੀ ਤੌਰ ਤੇ ਕਰ ਰਹੇ ਹਨ। ਪਰ ਇਸ ਯਾਤਰਾ ਤੋਂ ਜੋ ਵੀ ਫੰਡ ਉਹ ਜੁਟਾਉਣਗੇ ਉਹ ਸਾਰੇ ਫੰਡ ਵਰਲਡ ਖਾਲਸਾ ਏਡ ਨੂੰ ਦਿੱਤੇ ਜਾਣਗੇ ।

ਖਾਸ ਤੌਰ ਤੇ ਡਿਜ਼ਾਈਨ ਕੀਤੇ ਗਏ ਹਨ ਮੋਟਰਸਾਈਕਲ

ਇਸ ਕੰਮ ਲਈ ਮੋਟਰਸਾਈਕਲਾਂ ਨੂੰ ਲੰਬੇ ਸਮੇਂ ਤੱਕ ਰਾਈਡ ਲਈ ਖਾਸ ਤੌਰ ਤੇ ਡਿਜ਼ਾਈਨ ਕੀਤਾ ਗਿਆ ਹੈ । ਇਨ੍ਹਾਂ ਮੋਟਰਸਾਈਕਲਾਂ ਦੀਆਂ ਨੰਬਰ ਪਲੇਟਾਂ ਵੀ ਖਾਸ ਹਨ ਇਨ੍ਹਾਂ ਮੋਟਰਸਾਈਕਲਾਂ ਨੂੰ ਕੈਨੇਡਾ ਪੰਜਾਬ ਲਈ ਖਾਸ CA-PB-1 ਤੋਂ CA-PB-6 ਨੰਬਰ ਦਿੱਤਾ ਗਿਆ ਹੈ ।

ਕਿਵੇਂ ਕੀਤਾ ਜਾ ਸਕਦਾ ਹੈ ਦਾਨ

ਜੇ ਕੋਈ ਵੀ ਇਸ ਕਲੱਬ ਦੇ ਮਕਸਦ ਲਈ ਦਾਨ ਕਰਨਾ ਚਾਹੁੰਦਾ ਹੋਵੇ ਤਾਂ ਉਹ ਸਿੱਖ ਮੋਟਰਸਾਈਕਲ ਕਲੱਬ ਦੀ ਵੈੱਬਸਾਈਟ sikhmotorcycleclub.org ਤੇ ਜਾ ਕੇ ਇਸ ਯਾਤਰਾ ਸਬੰਧੀ ਪੂਰੀ ਜਾਣਕਾਰੀ ਲੈ ਸਕਦਾ ਹੈ ਤੇ ਦਾਨ ਕਰ ਸਕਦਾ ਹੈ ।


Posted

in

by

Tags: